ਭਗਵੰਤ ਮਾਨ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ

19-Mar-30 13:13:03
0
117
SUPPORT US BY SHARING

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉੱਤੇ ਪਲਟਵਾਰ ਕਰਦਿਆਂ ਕਿਹਾ ਕਿ ਬਾਦਲ ਪਰਿਵਾਰ ਅਤੇ ਉਨ੍ਹਾਂ ਆਗੂਆਂ ਨੂੰ ਆਮ ਆਦਮੀ ਪਾਰਟੀ ਦਾ ‘ਫੋਬੀਆ’ ਹੋ ਗਿਆ ਹੈ। ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਬਾਦਲ ਦਲ ਦੇ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਉਨ੍ਹਾਂ ਬਾਰੇ (ਭਗਵੰਤ ਮਾਨ ਅਤੇ ‘ਆਪ’) ਬਾਰੇ ਅਫ਼ਵਾਹਾਂ ਉਡਾਉਣੀਆਂ ਬੰਦ ਕਰਨ ਅਤੇ ਚੋਣ ਮੈਦਾਨ ਵਿੱਚ ਜ਼ਮੀਨੀ ਹਕੀਕਤ ਦੇ ਰੂਬਰੂ ਹੋਣ।

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿਚ ਆਮ ਆਦਮੀ ਪਾਰਟੀ ਬਾਦਲ ਐਂਡ ਕੰਪਨੀ ਦੀ ਹਮੇਸ਼ਾ ਲਈ ਬੋਲਤੀ ਬੰਦ ਕਰ ਦੇਵੇਗੀ।  ‘ਆਪ’ ਇੱਕ ਅੰਦੋਲਨ ਵਿੱਚੋਂ ਨਿਕਲੀ ਹੋਈ ਵਤਨਪ੍ਰਸਤ ਪਾਰਟੀ ਹੈ। ਬਾਦਲਾਂ, ਕੈਪਟਨਾਂ ਵਾਂਗ ਪਰਿਵਾਰਪ੍ਰਸਤ ਅਤੇ  ਐਸ਼ਪ੍ਰਸਤ ਪਾਰਟੀ ਨਹੀਂ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸੇ ਵਤਨਪ੍ਰਸਤੀ ਕਾਰਨ ਉਨ੍ਹਾਂ ਪ੍ਰਤੀਕਿਰਿਆ ਦਿੱਤੀ ਸੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਜੋੜੀ ਦੇਸ਼ ਅਤੇ ਦੇਸ਼ ਦੀ ਏਕਤਾ-ਅਖੰਡਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਇਸ ਖ਼ਤਰਨਾਕ ਅਤੇ ਦੇਸ਼ ਵਿਰੋਧੀ ਜੋੜੀ ਨੂੰ ਰੋਕਣ ਲਈ ‘ਆਪ’ ਕੋਈ ਵੀ ਕੁਰਬਾਨੀ ਦੇ ਸਕਦੀ ਹੈ, ਪ੍ਰੰਤੂ ਇਸ ਦਾ ਮਤਲਬ ਇਹ ਨਹੀਂ ਸੀ ਕਿ ਆਮ ਆਦਮੀ ਪਾਰਟੀ ਬੰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਆਸੀ ਇਤਿਹਾਸ ਵਿਚ ‘ਆਪ’ ਸਭ ਤੋਂ ਤੇਜ਼ੀ ਨਾਲ ਵੱਧ ਫ਼ੁਲ ਰਹੀ ਪਾਰਟੀ ਹੈ। ਇਸ ਕਾਰਨ ਬਾਦਲਾਂ ਤੇ ਇਨ੍ਹਾਂ ਦੀਆਂ ਬੀ ਟੀਮਾਂ ਨੂੰ ‘ਆਪ’ ਦਾ ‘ਫੋਬੀਆ’ ਹੋਇਆ ਪਿਆ ਹੈ ਅਤੇ ਇਹ ਰਾਤਾਂ ਨੂੰ ਚੈਨ ਨਾਲ ਸੌਂ ਵੀ ਨਹੀਂ ਸਕਦੇ। ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਨੂੰ ਵੰਗਾਰਦਿਆਂ ਕਿਹਾ ਕਿ ਉਹ ਮੇਰੇ (ਭਗਵੰਤ ਮਾਨ) ਉੱਤੇ ਟੀਕਾ ਟਿੱਪਣੀ ਕਰਨ ਤੋਂ ਪਹਿਲਾਂ ਖ਼ੁਦ ਲਈ ਹਲਕਾ ਪੱਕਾ ਕਰ ਲੈਣ।

ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਰਾਹੀਂ ਸੁਖਬੀਰ ਸਿੰਘ ਬਾਦਲ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਪਰ ਨਾਲ ਹੀ ਵਿਅੰਗਪੂਰਨ ਸ਼ਰਤ ਰੱਖੀ ਕਿ ਉਹ ਆਪਣੇ ਸਾਲੇ ਬਿਕਰਮ ਸਿੰਘ ਮਜੀਠੀਆ ਨੂੰ ਸੰਗਰੂਰ ਤੋਂ ਦੂਰ ਰੱਖਣ ਕਿਉਂਕਿ ਸੰਗਰੂਰ ਹਲਕੇ ਦੇ ਨੌਜਵਾਨ ਚਿੱਟੇ ਦੇ ਨਸ਼ੇ ਤੋਂ ਬਚੇ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਾਰੀਆਂ ਚੋਣਾਂ ਦਾ ਇਤਿਹਾਸ ਰਿਹਾ ਹੈ ਕਿ ਬਿਕਰਮ ਮਜੀਠੀਆ ਜਿਸ ਵੀ ਹਲਕੇ ਵਿੱਚ ਪ੍ਰਚਾਰ ਇੰਚਾਰਜ ਰਿਹਾ ਹੈ ਉੱਥੋਂ ਦੇ ਨੌਜਵਾਨ ਨਸ਼ੇ ਉੱਤੇ ਲਗਾ ਦਿੱਤੇ ਗਏ।

ਭਗਵੰਤ ਮਾਨ ਨੇ ਹਰਸਿਮਰਤ ਕੌਰ ਬਾਦਲ ਨੂੰ ਕਿਹਾ ਕਿ ਉਹ ਮੇਰੇ (ਭਗਵੰਤ ਮਾਨ) ਬਾਰੇ ਸੋਚਣਾ ਛੱਡ ਕੇ ਸੁਖਬੀਰ ਸਿੰਘ ਬਾਦਲ ਦੀ ਗਾਤਰਾ ਸਾਹਿਬ ਸੰਭਾਲਣ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਜੋ ਬੰਦਾ ਗਾਤਰਾ ਸਾਹਿਬ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਪੰਜਾਬ ਅਤੇ ਪੰਥ ਦੀ ਕੀ ਸੰਭਾਲ ਕਰੇਗਾ?

ਭਗਵੰਤ ਮਾਨ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਸਲਾਹ ਦਿੱਤੀ ਕਿ ਉਹ ਸਾਨੂੰ ‘ਆਪ’ ਨੂੰ ਸਿੱਖਿਆ ਦੇਣ ਦੀ ਥਾਂ ਆਪਣੇ ਪਿਤਾ ਜੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਸਿੱਖਿਆ ਉੱਤੇ ਆਗਿਆਕਾਰੀ ਪੁੱਤਰ ਵਜੋਂ ਅਮਲ ਕਰਨ।


SUPPORT US BY SHARING